ਕਹਾਣੀ --ਭੱਜਣ ਨੱਸਣ ਦੀ ਆਦਤ












 ਤਾਇਆ ਬਚਨਾਂ ਆਪਣੀ ਉਮਰ ਦੇ ਛੇਵੇਂ ਦਹਾਕੇ ਵਿੱਚੋਂ ਗੁਜ਼ਰ ਰਿਹਾ ,
ਗੱਲਾਂ ਚ ਤਾਂ ਅੱਜ ਵੀ ਕੋਈ ਉਸ ਤੋਂ ਅੱਗੇ ਨਹੀਂ ਲੰਘ ਸਕਦਾ, ਪਰ ਚਾਲ
ਵਿੱਚ ਉਹ ਬਹੁਤਿਆਂ ਤੋਂ ਪਛੜਨ ਲੱਗ ਪਿਆ ਹੈ । ਹੁਣ ਤਾਂ ਉਹ ਉੱਠਦਿਆਂ
ਬਹਿੰਦਿਆਂ ਵੀ ਤੰਗੀ ਮਹਿਸੂਸ ਕਰਦਾ, ਰਾਤ ਨੂੰ ਉੱਠਣ ਲੱਗਾ ਤਾਂ ਉਹ
ਦਰਦ ਨਾਲ ਕਰਾਹ ਉੱਠਦਾ ਤੇ ਫਿਰ ਦਰਦ ਕਈ ਦਿਨ ਤਕ ਰਹਿੰਦੀ, 
ਉਹ ਬਸ ਦਰਦ ਦੀ ਗੋਲੀ ਖਾ ਕੇ ਕੰਮ ਸਾਰ ਛੱਡਦਾ ।
                                                      ਉਸਦੀ ਬਰਾਬਰ ਦੀ
ਉਮਰ ਦੇ ਬੰਦੇ ਉਸਨੂੰ ਟਿੱਚਰਾਂ ਕਰਦੇ ਕਿ ਤੂੰ ਸਹੁਰਿਆ ਹੁਣੇ ਗੱਡਿਆਂ ਗਿਆਂ
ਮੰਜੇ ਤੇ ਅੱਗੇ ਕੀ ਬਣੂ ਤੇਰਾ , ਜਿੱਦਾਂ ਉਹ ਹਾਸੇ ਨਾਲ ਆਖਦੇ ਓਦਾਂ ਹੀ ਹਾਸੇ
ਨਾਲ ਬਚਨਾਂ ਗੱਲ ਨੂੰ ਟਾਲ ਛੱਡਦਾ ।
                                        ਪਰ ਪਰਿਵਾਰ ਨੂੰ ਮਹਿਸੂਸ ਹੋਣ ਲੱਗਾ
ਕਿ ਬਚਨੇ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ , ਐਂਵੇ ਅਣਗੋਲਿਆਂ
ਕੀਤਿਆਂ ਕੰਮ ਨੀ ਚਲਣਾ , ਸੋ ਬਚਨੇ ਦਾ ਭਤੀਜਾ ਸ਼ਮਸ਼ੇਰ ਤੇ ਛੋਟਾ ਭਰਾ ਕਰਮਾਂ
ਉਸਨੂੰ ਸ਼ਹਿਰ ਦੇ ਵੱਡੇ ਡਾਕਟਰ ਕੋਲ ਲੈ ਗਏ ।
                                                 ਮਰੀਜਾਂ ਦੀ ਲੰਬੀ ਲਾਈਨ ਪਹਿਲਾਂ
ਹੀ ਕੁਰਸੀਆਂ ਤੇ ਬਿਰਾਜਮਾਨ ਸੀ। ਲਾਈਨ ਵੇਖ ਕੇ ਬਚਨਾ ਭਤੀਜੇ ਨੂੰ ਕਹਿੰਦਾ
ਕਿ ਤੂੰ ਮੇਰੀ ਥਾਂ ਮੱਲ ਜਾ ਕੇ, ਮੈਥੋਂ ਨੀ ਵਾਰ ਵਾਰ ਉੱਠ ਕੇ ਅਗਾਂਹ ਹੋਇਆ ਜਾਂਦਾ,
ਜਦੋਂ ਮੈਨੂੰ ਵਾਜ ਪਊ ਆ ਜੂ ਮੈ, ਇੰਨਾ ਕਹਿੰਦਾ ਹੀ ਉਹ ਲਾਗੇ ਪਏ ਸੋਫੇ ਤੇ
ਟੇਢਾ ਹੋ ਗਿਆ ।
                 ਇੱਥੇ ਬਚਨੇ ਬਾਰੇ ਦੱਸ ਦਈਏ ਕਿ ਉਸਨੇ ਆਪਣੀ ਜਿੰਦਗੀ ਦਾ
ਬਹੁਤਾ ਸਮਾਂ ਬੈਠ ਕੇ ਹੀ ਕੱਟਿਆ , ਉਦੋਂ ਵੀ ਜਦੋਂ ਸਰੀਰ ਨੂੰ ਕੋਈ ਰੋਗ  ਵੀ ਨਹੀਂ
ਸੀ-- ਇੱਕ ਸੁਸਤ ਸੁਭਾਅ ਤੇ ਦੂਜਾ ਕਿਤਾਬਾਂ ਪੜਨ ਦੇ ਸ਼ੋਂਕ ਨੇ ਉਸਨੂੰ ਨੌ ਬਰ ਨੌ
ਹੁੰਦਿਆਂ ਵੀ  ਮੰਜੇ ਤੇ ਕੁਰਸੀ ਨਾਲ ਜੋੜ ਕੇ ਰੱਖਿਆ ,ਤੇ ਹੁਣ.............
                                                                        ਬਚਨ ਸਿੰਘ ।
ਕੰਪੋਡਰ ਦੀ ਆਵਾਜ ਸੁਣ ਬਚਨਾਂ ਡਾਕਟਰ ਦੇ ਕੈਬਨ ਵਲ ਹੋ ਤੁਰਿਆ , ਡਾਕਟਰ
ਨੇ ਚੈਕਅੱਪ ਤੋਂ ਬਾਅਦ ਬਚਨੇ ਨੂੰ x-ray ਕਰਵਾਉਣ ਦੂਸਰੇ ਕਮਰੇ ਵਿੱਚ ਭੇਜ ਦਿੱਤਾ,
ਤੇ ਉਸਦੇ ਭਰਾ ਕਰਮੇਂ ਨੂੰ ਦੱਸਣ ਲੱਗਾ ਕਿ ਮੁੱਢਲੀ ਜਾਂਚ ਤੋਂ ਇਹੋ ਗੱਲ ਲੱਗਦੀ ਆ
ਕਿ ਜਿਆਦਾ ਬੈਠੇ ਰਹਿਣ ਕਾਰਨ ਚੂਲੇ ਤੇ ਬੁਰਾ ਅਸਰ ਪਿਆ ਤੇ ਹਲਾਤ ਹੋਰ
ਵਿਗੜ ਸਕਦੇ ਆ ।
                      ਇੰਨੇ ਨੂੰ ਬਚਨਾ ਵੀ x-ray ਕਰਵਾ ਕੇ ਆ ਗਿਆ । ਡਾਕਟਰ
ਬਚਨੇ ਨੂੰ ਕਹਿਣ ਲੱਗਾ ਕਿ ਦਵਾਈ ਲਗਭਗ 3 ਮਹੀਨੇ ਚੱਲੂ ਤੇ ਓਨਾ ਚਿਰ bed
rest  ਹੀ ਕਰਨੀ ਆ ।
                        ਕੁਝ ਚਿਰ ਰੁਕ ਕੇ ਡਾਕਟਰ ਕਹਿਣ ਲੱਗਾ , ਵੇਖੋ ਬਾਪੂ ਜੀ
ਚੰਗੀਆਂ ਆਦਤਾਂ ਬਹੁਤ ਕੰਮ ਆਉਂਦੀਆਂ , ਹੁਣ ਜੇ ਤੁਹਾਡੀ ਉਦਾਹਰਨ ਲਈਏ ਕਿ
ਜੇ ਤੁਸੀਂ ਆਪਣੀ ਪਹਿਲੀ ਉਮਰ ਚ ਤੁਰਨ ਫਿਰਨ ਦੇ ਸ਼ੋਕੀਨ ਹੁੰਦੇ ਤਾਂ......
                                                                          ਤਾਂ ਮੈਂ ਅੱਜ
ਦੁਖੀ ਹੁੰਦਾ ਕਿ ਹੁਣ ਮੈਂ ਤੁਰ ਫਿਰ ਨੀਂ ਸਕਣਾ ,ਡਾਕਟਰ ਨੂੰ ਵਿੱਚੋਂ ਹੀ ਟੋਕਦਾ ਬਚਨਾ
ਬੋਲਿਆ ।
            ਫਿਰ ਕੀ ਸੀ ਉੱਥੇ ਕਿਸੇ ਦਾ ਹਾਸਾ ਨਾ ਰੁਕਿਆ , ਪਰ ਬਚਨੇ ਨੂੰ ਸਭ ਦੇ
ਹੱਸਣ ਦਾ ਕਾਰਨ ਸਮਝ ਨਾਂ ਆਇਆ ।
                 ਤੇ ਜਦ ਉਸਨੂੰ ਦੱਸਿਆ ਕਿ ਡਾਕਟਰ ਕੀ ਕਹਿਣਾ ਚਾਹੁੰਦਾ ਸੀ ,ਤਾਂ
ਬਚਨਾਂ ਇਸ ਸੋਚੀਂ ਪੈ ਗਿਆ ਕਿ ਉਹ ਹੱਸੇ ਜਾਂ ਨਾ ।
 






Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02