ਕਹਾਣੀ -- ਨਾਨੇ ਦੀ ਗਲਤੀ









ਸੁਰਿੰਦਰ ਕੌਰ ਅੱਜ ਡੇਰੇ ਬਾਬੇ ਦੀ ਸੁੱਖਣਾ ਸੁੱਖ ਕੇ ਵਾਪਸ ਪਿੰਡ ਨੂੰ ਆ ਰਹੀ ਸੀ ,ਉਹ ਅੱਗੇ ਵੀ ਕਈ ਥਾਵਾਂ ਤੇ ਸੁੱਖਣਾ ਸੁੱਖ ਚੁੱਕੀ ਸੀ ।ਏ ਬਾਬਾ ਜੀ ਬੜੀ ਕਰਨੀ ਆਲੇ ਆ , ਨਾਲ ਤੁਰੀ ਆਉਂਦੀ ਨਾਮੋ ਨੇ ਗੱਲ ਛੇੜਦਿਆਂ ਕਿਹਾ , ਮੇਰੇ ਭਰਾ ਦੀ ਨੂੰਹ ਨੂੰ ਵੀ ਇਨਾਂ ਦੇ ਆਸ਼ੀਰਵਾਦ ਨਾਲ ਈ ਮੁੰਡਾ ਹੋਇਆ ਸੀ , ਤੂੰ ਐਵੇਂ ਜੀ ਛੋਟਾ ਨਾ ਕਰ ,ਰੱਬ ਭਲੀ ਕਰੂ ।

                            ਹਾਂ ਭੈਣੇ , ਹੁਣ ਤਾਂ ਰੱਬ ਤੋਂ ਹੀ ਆਸਾਂ ਨੇ......।



                  ਉਂਝ ਨੂੰਹ-ਪੁੱਤ ਟੈਸਟ ਲਈ ਮੰਨੇ ਕਿ ਨਹੀਂ, ਨਾਮੋਂ ਨੇ ਕੁੱਝ  ਨੇੜੇ ਹੁੰਦਿਆਂ ਪੁੱਛਿਆ ,

                   ਕਿੱਥੇ....,, ਅੱਗੇ ਵੀ  ਨੂੰਹ-ਪੁੱਤ ਦੀ ਇਸੇ ਜਿੱਦ ਨੇ 2 ਪੋਤਰੀਆਂ ਮੱਥੇ ਮੜ ਤੀਆਂ , ਅਖੇ ਮੁੰਡਾ ਹੋਵੇ ਜਾਂ ਕੁੜੀ ਰੱਬ ਦਾ ਭੇਜਿਆ ਜੀ ਆ । ਗੱਲਾਂ ਕਰਦਿਆਂ ਕਰਦਿਆਂ ਪਿੰਡ ਆ ਗਿਆ ਤੇ ਉੱਥੋਂ ਦੋਵੇਂ ਆਪਣੇਘਰਾਂ ਵਲ ਹੋ ਤੁਰੀਆਂ ।

                        ਘਰ ਵੜਦਿਆਂ ਹੀ ਸੁਰਿੰਦਰ ਨੇ ਕੁਝ ਸਕਤ ਹੁੰਦਿਆਂ ਆਪਣੀ ਨੂੰਹ ਗੁਰਲੀਨ ਤੋ ਆਪਣੇ ਪੁੱਤ ਬਲਕਾਰ  ਬਾਰੇ ਪੁੱਛਿਆ....


                                ਬਲਕਾਰ ਕਿੱਥੇ ਆ ?




                                                         ਜੀ ਉਹ ਤਾਂ ਖੇਤਾਂ ਨੂੰ ਗਏ ਆ, ਅੱਜ ਪਾਣੀ ਦੀ ਵਾਰੀ ਆ , ਗੁਰਲੀਨ ਨੇ ਡਰਦਿਆਂ ਜਵਾਬ ਦਿੱਤਾ ........
                                      
                                                     ਜਦੋਂ ਆਵੇ ਤਾਂ ਮੇਰੇ ਕੋਲ ਭੇਜ ਦਈਂ ,ਇੰਨਾ ਕਹਿੰਦੀ ਹੋਈ ਸੁਰਿੰਦਰ ਆਪਣੇ ਕਮਰੇ ਵਿੱਚ ਚਲੀ ਗਈ ।

                                        ਪਰ ਗੁਰਲੀਨ ਦਾ ਦਿਲ ਹੋਰ ਵੀ ਡਰ ਗਿਆ ਇਸਤੋਂ ਪਹਿਲਾਂ ਵੀ ਜਦ ਸੁਰਿੰਦਰ ਪੀਰ ਦੀ ਸੁੱਖਣਾ ਸੁੱਖ ਕੇ ਆਈ ਸੀ ਤਾਂ ਉਸ ਦਿਨ ਵੀ ਘਰ ਵਿੱਚ ਬਹੁਤ ਕਲੇਸ਼  ਹੋਇਆ ਸੀ , ਬਸ ਟੈੱਸਟ ਕਰਾਉਣ ਦੀ ਗੱਲ ਤੋਂ...




                                   ਸੁਰਿੰਦਰ ਨੇ ਪਹਿਲਾ ਵੀ ਦੋ ਵਾਰ ਸਿਰਫ ਸੁੱਖਣਾ ਹੀ ਸੁੱਖੀਆਂ ਸਨ ਤੇ ਪੋਤਰੀਆਂ ਹੋਈਆਂ ਸਨ ਪਰ ਇਸ ਵਾਰ ਉਹ ਸਭ ਕੁੱਝ ਪੱਕੇ ਢੰਗ ਨਾਲ ਕਰਨਾ ਚਾਹੁੰਦੀ ਸੀ । ਬਲਕਾਰ ਵੀ ਸ਼ਾਇਦ ਇਸੇ ਗੱਲ ਕਰਕੇ ਹੀ ਘਰ ਦੇਰ ਨਾਲ ਆਇਆ, ਆਉਦਿਆਂ ਹੀ ਗੁਰਲੀਨ ਤੋਂ ਪੁੱਛਣ ਲੱਗਾ....
                
                                              ਮਾਂ ਨੇ ਕੁੱਝ ਕਿਹਾ ਤੇ ਨੀ

                                                                     ਨਹੀ ਬਸ ਤੁਹਾਡੇ  ਬਾਰੇ ਪੁੱਛਦੇ ਸੀ , ਗੁਰਲੀਨ ਨੇ ਜਵਾਬ ਦਿੱਤਾ । ਗੱਲਾਂ ਦੀ ਆਵਾਜ਼ ਸੁਣ ਸੁਰਿੰਦਰ ਵੀ ਬਾਹਰ ਆ ਗਈ ,,,,

                      ਆ ਗਿਐਂ ਪੁੱਤ
                                       ਹਾਂ ਜੀ ,,  ਬਲਕਾਰ ਨੇ ਜਵਾਬ ਦਿੱਤਾ

ਫਿਰ ਕਿੱਦਣ ਜਾਣਾ ਟੈੱਸਟ ਕਰਾਉਣ ,,,,   ਸੁਰਿੰਦਰ ਸਿੱਧੇ ਮੁੱਦੇ ਤੇ ਆਉਂਦਿਆਂ ਬੋਲੀ

                     ਕਿਹੜਾ ਟੈੱਸਟ ?    

                   ਤੈਨੂੰ ਪਤਾ ਕਿਹੜਾ

    ਮਾਂ ਇੱਕ ਵਾਰ ਆਖਿਆਂ ਤੇਰੇ  ਸਮਝ ਨੀ ਆਉਂਦੀ

      ਵੇ ਮੱਤ ਤਾਂ ਤੇਰੀ ਮਾਰੀ ਆ ਏਸ ਜ਼ਨਾਨੀ ਨੇਂ



ਏਦੇ ਪਿੱਛੇ ਲੱਗ ਕੇ ਪਹਿਲਾਂ ਹੀ ਦੋ ਕੁੜੀਆਂ ਜੰਮ ਲੀਆਂ , ਅੱਗੇ ਮੈਂ ਜਰ ਗੀ , ਪਰ ਐਤਕੀਂ ਨੀ , ਹੁਣ ਤਾਂ ਟੈੱਸਟ ਕਰਾਓ ਜੇ ਮੁੰਡਾ ਆ ਤਾਂ ਠੀਕ , ਨਹੀਂ ਤੇ ਸਫਾਈ ਕਰਾ ਦੋ ।

           ਪਰ ਮਾਂ ਜੀ ਬੱਚਾ ਮੁੰਡਾ ਹੋਵੇ ਜਾਂ ਕੁੜੀ ਰੱਬ ਦਾ ਭੇਜਿਆ ਜੀ ਆ ,ਇੰਨਾ ਕਹਿੰਦਿਆ ਹੀ ਗੁਰਲੀਨ ਦਾ ਗੱਚ ਭਰ ਆਇਆ ,

                                               ਨੀਂ ਚੁੱਪ ਕਰ ਤੂੰ , ਤੇਰੇ ਕਰਕੇ ਹੀ ਅੱਜ ਤੱਕ ਮੈਂ ਪੋਤੇ ਦਾ ਮੂੰਹ ਨਾਂ ਵੇਖ ਸਕੀ , ਸਭ ਤੇਰੀ ਗਲਤੀ ਆ ...

                                                 ਸਾਰੀ ਗਲਤੀ ਨਾਨੇ ਦੀ ਆ, ਬਲਕਾਰ ਨੇ ਮਾਂ ਨੂੰ ਵਿੱਚੋਂ ਟੋਕਦਿਆਂ ਕਿਹਾ..
                         

     ਵੇ ਮੇਰੇ ਪਿਓ ਨੇ ਕਿਹੜੇ ਤੇਰੇ ਮਾਂਹ ਪੱਟ ਲੇ, ਓਦੀ ਕਾਦੀ ਗਲਤੀ ? ਸੁਰਿੰਦਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ

             ਜੇ ਨਾਨੇ ਨੇ ਵੀ ਤੇਨੂੰ ਜੰਮਣ ਤੋਂ ਪਹਿਲਾਂ ਮਾਰ ਦਿੱਤਾ ਹੁੰਦਾ , ਤਾਂ  ਤੇਨੂੰ ਅੱਜ ਇਹ ਦਿਨ ਨਾਂ ਦੇਖਣੇ ਪੈਂਦੇ...........



       ਇਹ ਗੱਲ ਸੁਣ ਕੇ ਸੁਰਿੰਦਰ ਇਕਦਮ ਸੁੰਨ ਹੋ ਗਈ , ਉਸ ਵਿੱਚ ਕੁਝ ਬੋਲਣ ਜਾਂ ਹਿੱਲਣ ਦੀ ਵੀ ਸਮਰੱਥਾ ਨਾ ਰਹੀ ,   ਉਹ ਆਪਣੇ   ਨੂੰਹ-ਪੁੱਤ ਨਾਲ ਅੱਖਾਂ ਵੀ ਨਾ ਮਿਲਾ ਸਕੀ । ਬਲਕਾਰ  ਤੇ  ਗੁਰਲੀਨ  ਆਪਣੇ ਕਮਰੇ ਵਿੱਚ ਚਲੇ ਗਏ । ਤੇ ਪੱਥਰ ਦੀ ਮੂਰਤ ਬਣੀ ਸੁਰਿੰਦਰ ਇਹ ਸਮਝਣ ਤੋਂ ਅਸਮਰਥ ਸੀ ਕਿ ਉਹ ਔਰਤ ਕਹਾਉਣ ਦੇ ਲਾਇਕ ਹੈ ਵੀ ਜਾਂ ਨਹੀਂ ..................।






    













Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02